ਦੇਸ਼ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡਣ ਦਾ ਕੰਮ ਕਰ ਰਹੀ ਹੈ ਕਾਂਗਰਸ : ਡਾ: ਸੁਭਾਸ਼ ਸ਼ਰਮਾ

ਚੋਣਾਂ ਵਿੱਚ ਭਾਜਪਾ ਦੀ ਚੜ੍ਹਤ ਹੋਣ ਅਤੇ ਆਪ ਦੇ ਨਿਘਾਰ ਦਾ ਦਾਅਵਾ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡ ਕੇ ਆਪਣਾ ਫਾਇਦਾ ਉਠਾਉਂਦੀ ਰਹੀ ਹੈ। ਸਥਾਨਕ ਸੈਕਟਰ-71 ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਨਾਲ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ਸਮਾਜ ਦੇ ਵਰਗਾਂ ਨੂੰ ਵੰਡਣ ਵਾਲਾ ਹੈ ਜਿਸਦੇ ਅਨੁਸਾਰ ਕਾਂਗਰਸ ਜਾਤ-ਧਰਮ ਅਤੇ ਜਾਇਦਾਦ ਆਧਾਰਿਤ ਸਰਵੇਖਣ ਕਰਵਾਉਣ ਦੀ ਗੱਲ ਕਰ ਰਹੀ ਹੈ।

ਉਹਨਾਂ ਕਿਹਾ ਕਿ ਸ਼ਰਮਾ ਨੇ ਕਿਹਾ ਕਿ ਦੇਸ਼ ਤੇ 5 ਦਹਾਕਿਆਂ ਤੱਕ ਰਾਜ ਕਰਨ ਵਾਲੀ ਕਾਂਗਰਸ ਨੇ ਹਰ ਵਾਰ ਦੇਸ਼ ਦੇ ਲੋਕਾਂ ਤੇ ਤਾਨਾਸ਼ਾਹੀ ਫੈਸਲੇ ਥੋਪੇ ਹਨ। ਇਸ ਵਾਰ ਉਨ੍ਹਾਂ ਨੇ ਮੈਨੀਫੈਸਟੋ ਵਿੱਚ ਖੁਦ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪੂਰੇ ਦੇਸ਼ ਵਿੱਚ ਜਾਤੀ, ਧਰਮ ਅਤੇ ਧਨ-ਦੌਲਤ ਆਧਾਰਿਤ ਸਰਵੇਖਣ ਕਰਵਾਉਣਗੇ। ਉਹਨਾਂ ਕਿਹਾ ਕਿ ਇਸ ਅਨੁਸਾਰ ਜੇਕਰ ਕਿਸੇ ਕੋਲ ਲੋੜ ਤੋਂ ਵੱਧ ਜਾਇਦਾਦ ਹੈ ਤਾਂ ਸਰਕਾਰ ਉਸ ਨੂੰ ਜ਼ਬਤ ਕਰਕੇ ਹੋਰਨਾਂ ਵਰਗਾਂ ਵਿੱਚ ਵੰਡ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਸਰਵੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਵਾਲਾ ਹੈ ਕਿਉਂਕਿ ਇਸ ਸਰਵੇ ਤੋਂ ਬਾਅਦ ਜਿਸ ਕਿਸੇ ਦੇ ਵੀ ਇੱਕ ਤੋਂ ਵੱਧ ਮਕਾਨ, ਜ਼ਮੀਨ ਜਾਂ ਸੋਨਾ-ਚਾਂਦੀ ਕਾਂਗਰਸ ਵੱਲੋਂ ਜ਼ਬਤ ਕਰ ਲਈ ਜਾਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਵੀ ਦੋ ਵਾਰ 1960 ਅਤੇ 1973 ਵਿੱਚ ਅਜਿਹੀ ਨੀਤੀ ਲੈ ਕੇ ਆਈ ਸੀ ਜਿਸ ਵਿੱਚ ਕਾਂਗਰਸ ਨੇ ਕਿਹਾ ਸੀ ਕਿ ਟੈਕਸ ਅਦਾ ਕਰਨ ਵਾਲੇ ਹਰ ਵਿਅਕਤੀ ਨੂੰ 3 ਤੋਂ 5 ਸਾਲ ਤੱਕ ਆਪਣੀ ਆਮਦਨ ਦਾ 18 ਫੀਸਦੀ ਸਰਕਾਰ ਨੂੰ ਜਮ੍ਹਾ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਇੱਕ ਅਜਿਹਾ ਕਮਿਸ਼ਨ ਬਣਾਉਣਾ ਚਾਹੁੰਦੀ ਹੈ ਜੋ ਤੈਅ ਕਰੇਗਾ ਕਿ ਘੱਟ ਗਿਣਤੀਆਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਜਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਫਾਇਦਾ ਦੇਸ਼ ਦੀ ਪ੍ਰਤਿਭਾ ਨੂੰ ਨਹੀਂ ਬਲਕਿ ਇੱਕ ਵਿਸ਼ੇਸ਼ ਵਰਗ ਨੂੰ ਹੋਵੇਗਾ।

ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਜਪਾ ਪੰਜਾਬ ਵਿੱਚ 13 ਸੀਟਾਂ ਤੇ ਚੋਣ ਲੜ ਰਹੀ ਹੈ ਅਤੇ ਇਨ੍ਹਾਂ ਸਾਰੀਆਂ 9 ਸੀਟਾਂ ਤੇ ਜੇਕਰ ਕੋਈ ਪਾਰਟੀ ਵਿਰੋਧੀ ਪਾਰਟੀਆਂ ਨੂੰ ਮੁਕਾਬਲਾ ਦੇ ਰਹੀ ਹੈ ਤਾਂ ਉਹ ਸਿਰਫ ਭਾਜਪਾ ਹੈ। ਉਹਨਾਂ ਕਿਹਾ ਕਿ ਜਦੋਂ ਚੋਣ ਨਤੀਜੇ ਆਉਣਗੇ ਤਾਂ ਇਹ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਪੰਜਾਬ ਵਿੱਚ ਭਾਜਪਾ ਦਾ ਉਭਾਰ ਹੋਵੇਗਾ ਕਿਉਂਕਿ ਪਹਿਲੀ ਵਾਰ ਭਾਜਪਾ ਇਕੱਲਿਆਂ ਹੀ ਚੋਣਾਂ ਲੜ ਰਹੀ ਹੈ। ਚੋਣਾਂ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦਾ ਉਭਾਰ ਅਤੇ ਆਮ ਆਦਮੀ ਪਾਰਟੀ ਦਾ ਪਤਨ ਤੈਅ ਹੈ।

ਸ੍ਰੀ ਸੁਭਾਸ਼ ਸ਼ਰਮਾਾ ਨੇ ਕਿਹਾ ਕਿ ਪਾਰਟੀਆਂ ਵਲੋਂ ਪੰਜਾਬ ਦੀਆਂ 9 ਸੀਟਾਂ ਦੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਅਤੇ ਪਾਰਟੀ ਹਾਈਕਮਾਂਡ ਇੱਕ ਹਫ਼ਤੇ ਅੰਦਰ ਆਨੰਦਪੁਰ ਸਾਹਿਬ ਹਲਕੇ ਸਮੇਤ ਬਾਕੀ ਦੀਆਂ ਚਾਰ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇੇਗੀ। ਉਹਨਾਂ ਕਿਹਾ ਕਿ ਇਸ ਸੀਟ ਦੇ ਐਲਾਨ ਤੋਂ ਬਾਅਦ ਮੁਹਾਲੀ ਵਿੱਚ ਸਿਆਸੀ ਹਲਚਲ ਵੱਧ ਜਾਵੇਗੀ।

ਪਾਰਟੀ ਦੇ ਉਮੀਦਵਾਰ ਦਾ ਨਾਂ ਪੁੱਛੇ ਜਾਣ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪਾਰਟੀ ਜਿਸ ਨੂੰ ਵੀ ਸੀਟ ਦੇਵੇਗੀ, ਉਸ ਨੂੰ ਜਿਤਾਉਣ ਲਈ ਹਰ ਕੋਈ ਇਕਜੁੱਟ ਹੋ ਕੇ ਕੰਮ ਕਰੇਗਾ।