ਭੋਗ ਤੇ ਵਿਸ਼ੇਸ਼

ਪੰਜਾਬ ਸਕੂਲ ਸਿਖਿਆ ਬੋਰਡ ਦੀ ਕਰਮਚਾਰੀ ਜੱਥੇਬੰਦੀ ਦਾ ਸੰਘਰਸ਼ਸੀਲ ਆਗੂ ਸੀ ਸਾਥੀ ਕਰਨੈਲ ਸਿੰਘ ਕਲੇਰ

ਸਾਥੀ ਕਰਨੈਲ ਸਿੰਘ ਕਲੇਰ ਬੀਤੀ 12 ਅਪ੍ਰੈਲ ਨੂੰ 75 ਸਾਲ ਦੀ ਉਮਰ ਵਿੱਚ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਚਾਨਕ ਹੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਸਿਖਿਆ ਬੋਰਡ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਵਿੱਚੋਂ ਜਿਸਨੇ ਵੀ ਇਹ ਖਬਰ ਸੁਣੀ ਉਹ ਇੱਕ ਵਾਰ ਸੁੰਨ ਹੋ ਕੇ ਰਹਿ ਗਿਆ।

ਸਾਥੀ ਕਲੇਰ ਨੇ ਜਿੱਥੇ ਲੰਬਾ ਸਮਾਂ ਬੋਰਡ ਕਰਮਚਾਰੀਆਂ ਦੀ ਬਤੌਰ ਪ੍ਰਧਾਨ ਅਗਵਾਈ ਕੀਤੀ, ਉਥੇ ਉਹ ਆਪਣੇ ਵਿਦਿਆਰਥੀ ਜੀਵਨ ਦੌਰਾਨ ਵੀ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਮੂਹਰਲੀਆਂ ਕਤਾਰਾਂ ਵਿੱਚ ਵਿਚਰਿਆ। ਕੁਝ ਸਮਾਂ ਸਾਥੀ ਨੇ ਪੰਜਾਬ ਦੇ ਮਹਾਨ ਕਰਾਂਤੀਕਾਰੀ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਨਾਲ ਵੀ ਬਿਤਾਇਆ।

ਪੰਜਾਬ ਸਰਕਾਰ ਨੇ ਸਮੇਂ-ਸਮੇਂ ਤੇ ਬੋਰਡ ਦੇ ਮੁੱਖ ਦਫਤਰ ਨੂੰ ਮੁਹਾਲੀ ਤੋਂ ਦੂਰ ਦੂਰਾਡੇ ਲਿਜਾਣ ਦੀ ਕੋਸ਼ਿਸ਼ ਕੀਤੀ। ਕਦੇ ਮੋਗੇ, ਕਦੇ ਕਪੂਰਥਲੇ। ਬਾਦਲ ਸਰਕਾਰ ਨੇ ਤਾਂ ਬੋਰਡ ਨੂੰ ਫਿਲੌਰ ਵਿਖੇ ਲਿਜਾਣ ਦਾ ਨੋਟੀਫਿਕੇਸ਼ਨ ਤਕ ਕਰ ਦਿੱਤਾ ਸੀ ਪਰੰਤੂ ਬੋਰਡ ਮੁਲਾਜਮ ਕਿਸੇ ਵੀ ਕੀਮਤ ਤੇ ਉਥੇ ਨਹੀਂ ਜਾਣਾ ਚਾਹੁੰਦੇ ਸੀ। ਉਸ ਵੇਲੇ ਬਤੌਰ ਪ੍ਰਧਾਨ ਸਾਥੀ ਕਲੇਰ ਦੀ ਅਗਵਾਈ ਵਿੱਚ ਤਤਕਾਲੀ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਦਿੱਤਾ। ਜਿਵੇਂ ਪਤਾ ਹੀ ਹੈ ਕਿ ਸਰਕਾਰਾਂ ਛੇਤੀ ਕੀਤਿਆਂ ਆਪਣੇ ਫੈਸਲਿਆਂ ਨੂੰ ਵਾਪਸ ਨਹੀਂ ਲੈਂਦੀਆਂ। ਫਿਰ ਕੀ ਸੀ ਸੰਘਰਸ਼ ਸ਼ੁਰੂ ਹੋ ਗਿਆ ਅਤੇ ਕਲਮ ਛੋੜ ਹੜਤਾਲ ਤੋਂ ਲੈ ਕੇ ਰਾਤਾਂ ਨੂੰ ਜਗਦੀਆਂ ਮਸ਼ਾਲਾਂ ਲੈ ਕੇ ਅਕਾਲੀ ਮੰਤਰੀਆਂ ਦੇ ਘਰਾਂ ਮੂਹਰੇ ਜਾ ਕੇ ਮੁਜਾਹਰੇ ਕਰਨ ਦਾ ਦੌਰ ਸ਼ੁਰੂ ਹੋ ਗਿਆ।

ਮਹੀਨਿਆਂ ਬੱਧੀ ਸੰਘਰਸ਼ ਚੱਲਿਆ। ਅੰਤ ਬਾਦਲ ਸਰਕਾਰ ਨੂੰ ਫਿਲੌਰ ਜਾਣ ਦਾ ਨੋਟੀਫਿਕੇਸ਼ਨ ਰੱਦ ਕਰਨਾ ਪਿਆ। ਇਥੇ ਹੀ ਬਸ ਨਹੀਂ ਬੋਰਡ ਉਸ ਸਮੇਂ ਕਿਰਾਏ ਦੀ ਇਮਾਰਤ ਵਿੱਚ ਸੀ। ਸਰਕਾਰ ਨੂੰ ਮਜਬੂਰ ਕੀਤਾ ਕਿ ਬੋਰਡ ਮੁਹਾਲੀ/ਚੰਡੀਗੜ੍ਹ ਵਿਖੇ ਆਪਣੀ ਥਾਂ ਖਰੀਦੇ। ਫਿਰ ਫੇਜ਼-8 ਮੁਹਾਲੀ ਜਿੱਥੇ ਅੱਜ ਕਲ ਬੋਰਡ ਦਾ ਦਫਤਰ ਹੈ, ਅੱਠ ਏਕੜ ਥਾਂ ਖਰੀਦੀ ਗਈ। ਬੋਰਡ ਦੀ ਆਪਣੀ ਇਮਾਰਤ ਬਣ ਗਈ।

ਫਿਰ ਕਾਂਗਰਸ ਸਰਕਾਰ ਨੇ ਨਵਾਂ ਫੈਸਲਾ ਕਰ ਲਿਆ ਕਿ ਬੋਰਡ ਦੀ ਅੱਧੀ ਬਿਲਡਿੰਗ ਡੀ. ਪੀ. ਆਈ. ਨੂੰ ਦੇ ਦਿੱਤੀ ਜਾਵੇ। ਤਤਕਾਲੀ ਸਿੱਖਿਆ ਮੰਤਰੀ ਹਰਨਾਮ ਦਾਸ ਜੌਹਰ ਅੱਧੇ ਹਿੱਸੇ ਤੇ ਕਬਜਾ ਕਰਨ ਆ ਗਏ। ਸਾਥੀ ਕਲੇਰ ਦੀ ਅਗਵਾਈ ਵਿੱਚ ਬੋਰਡ ਦੇ ਸਮੂਹ ਮੁਲਾਜ਼ਮਾਂ ਨੇ ਮੰਤਰੀ ਘਿਰਾਓ ਕਰ ਲਿਆ। ਮੰਤਰੀ ਇੰਨੇ ਘਬਰਾ ਗਏ ਕਿ ਆਪਣੀ ਗੱਡੀ ਦੀ ਬਜਾਏ ਸਕਿਊਰਟੀ ਵਾਲੀ ਗੱਡੀ ਵਿੱਚ ਸਵਾਰ ਹੋ ਕੇ ਦੌੜ ਗਏ ਅਤੇ ਮੁੜ ਕੇ ਬੋਰਡ ਵੱਲ ਮੂੰਹ ਨਹੀਂ ਕੀਤਾ।

ਸਾਥੀ ਕਲੇਰ ਦੀ ਇਹ ਖਾਸੀਅਤ ਸੀ ਕਿ ਉਸ ਨੇ ਸੰਘਰਸ਼ਾਂ ਦੌਰਾਨ ਮੈਨੇਜਮੈਂਟ ਨਾਲ ਜਾਂ ਸਰਕਾਰ ਨਾਲ ਕਦੇ ਵੀ ਇਕੱਲਿਆ ਗੱਲ ਨਹੀਂ ਕੀਤੀ। ਉਹ ਹਮੇਸ਼ਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੱਲ ਕਰਦੇ ਸਨ। ਇਹੀ ਕਾਰਨ ਸੀ ਕਿ ਉਹਨਾਂ ਦੀ ਅਗਵਾਈ ਵਿੱਚ ਹਰ ਸੰਘਰਸ਼ ਦੌਰਾਨ, ਹਮੇਸ਼ਾ ਮੁਲਾਜ਼ਮ ਪੱਖੀ ਨਤੀਜੇ ਸਾਹਮਣੇ ਆਏ। ਸ਼ੁਰੂ ਵਿੱਚ ਬੋਰਡ ਵਿੱਚ ਇੱਕ ਸੀਨੀਅਰ ਸਹਾਇਕ ਨਾਲ 7 ਕਲਰਕ ਹੁੰਦੇ ਸਨ। ਸਾਥੀ ਕਲੇਰ ਦੀ ਅਗਵਾਈ ਵਿੱਚ 2 ਕਲਰਕ ਅਤੇ ਇਕ ਸੀਨੀਅਰ ਸਹਾਇਕ ਦੀ ਰੇਸ਼ੋ ਕਰਵਾਈ। ਇਸ ਤਰ੍ਹਾਂ ਸੈਂਕੜੇਂ ਤਰੱਕੀਆਂ ਹੋਈਆਂ।

ਸਾਥੀ ਕਲੇਰ ਦੀ ਇਹ ਖੂਬੀ ਸੀ ਕਿ ਉਹਨਾਂ ਹਮੇਸ਼ਾ ਮੁਲਾਜ਼ਮਾਂ ਦੀ ਭਲਾਈ ਦੀ ਗੱਲ ਕੀਤੀ। ਉਹਨਾਂ ਕਦੇ ਵੀ ਬੋਰਡ ਵਿੱਚ ਕੰਮ ਕਰਦੇ ਆਪਣੇ ਵਿਚਾਰਾਂ ਦੇ ਉਲਟ ਵਿਚਾਰ ਰੱਖਣ ਵਾਲੀਆਂ ਧਿਰਾਂ ਨਾਲ ਸਮਝੌਤਾ ਨਹੀਂ ਕੀਤਾ। ਸਾਥੀ ਕਲੇਰ ਦੀ ਅਗਵਾਈ ਦੇ ਦੌਰ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੀਆਂ ਸਿਰਕੱਢ ਜਥੇਬੰਦੀਆਂ ਵਿੱਚ ਸ਼ੁਮਾਰ ਸੀ। ਬੋਰਡ ਦੀ ਜਥੇਬੰਦੀ ਦੀਆਂ ਚੋਣਾਂ ਦੌਰਾਨ ਸਰਕਾਰ/ਲੀਡਰਾਂ ਦੀ ਨਿਗਾਹ ਚੋਣ ਨਤੀਜਿਆਂ ਤੇ ਟਿੱਕੀ ਰਹਿੰਦੀ ਸੀ। ਜੇਕਰ ਕਲੇਰ ਗਰੁੱਪ ਨੂੰ ਕਦੇ ਕਦਾਈ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਰਕਾਰ ਸੌਖਾ ਮਹਿਸੂਸ ਕਰਦੀ ਸੀ।

ਸਾਡਾ ਇਹ ਮਹਿਬੂਬ ਆਗੂ ਭਾਵੇਂ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਪਰੰਤੂ ਜਿਨ੍ਹਾਂ ਸਮਾਂ ਪੰਜਾਬ ਸਕੂਲ ਸਿਖਿਆ ਬੋਰਡ ਅਤੇ ਬੋਰਡ ਦੀ ਜਥੇਬੰਦੀ ਰਹੇਗੀ, ਸਾਥੀ ਕਲੇਰ ਦਾ ਨਾਮ ਹਮੇਸ਼ਾ ਗੂੰਜਦਾ ਰਹੇਗਾ। ਸਾਥੀ ਕਲੇਰ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 21 ਅਪ੍ਰੈਲ ਨੂੰ ਗੁਰੂਦੁਆਰਾ ਸਾਹਿਬਵਾੜਾ, ਨੇੜੇ ਪੀ ਸੀ ਐਲ ਚੌਂਕ, ਸਾਮ੍ਹਣੇ ਫੇਜ਼ 5 ਵਿਖੇ ਦੁਪਹਿਰ 11 ਵਜੇ ਤੋਂ 1 ਵਜੇ ਤਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸz. ਕਲੇਰ ਦੇ ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ, ਉਹਨਾਂ ਦੇ ਹਿਤੈਸ਼ੀਆਂ ਸਮੇਤ ਵੱਡੀ ਗਿਣਤੀ ਵਿੱਚ ਸਿਖਿਆ ਬੋਰਡ ਬੋਰਡ ਦੇ ਮੌਜੂਦਾ ਅਤੇ ਸੇਵਾ ਮੁਕਤ ਸਾਥੀ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚਣਗੇ।

ਗੁਰਮੇਲ ਸਿੰਘ ਮੋਜੋਵਾਲ,

ਸਾਬਕਾ ਜਨਰਲ ਸਕੱਤਰ

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ।

98883-34354